ਕਮਾਲ ਦੀ ਚਿਤਰੀ ਹੈ ਗੁਰਮੇਲ ਸਰਾ ਦੀ ਸ਼ਖ਼ਸੀਅਤ.......... ਬਲਜੀਤ ਬੱਲੀ

ਬਾਈ ਮਿੰਟੂ !
ਬਹੁਤ ਹੀ ਕਮਾਲ ਦੀ ਚਿਤਰੀ ਹੈ ਗੁਰਮੇਲ ਸਰਾ  ਦੀ ਸ਼ਖ਼ਸੀਅਤ।ਮੇਰਾ ਵੀ ਉਸ  ਨਾਲ ਬਹੁਤ ਵਾਹ ਰਿਹਾ ਸੀ।1980-81 ਵਿੱਚ ਉਦੋਂ ਮੈਂ ਵੀ ਪੰਜਾਬੀ ਟ੍ਰਿਬਿਊਨ ਦਾ ਰਾਮਪੁਰੇ ਤੋਂ ਨਾਮਾਨਿਗਾਰ ਸੀ।ਫੇਰ ਚੰਡੀਗੜ੍ਹ ਆ ਕੇ ਅਸੀਂ ਮਿਲੇ। ਪੰਜਾਬੀ ਟ੍ਰਿਬਿਊਨ ਵਾਲੇ ਦਲਬੀਰ ਨੇ ਕਰਾਈ ਸੀ ਸਾਡੀ ਮੁਲਾਕਾਤ।ਮੇਰੀ ਉਹ ਬਹੁਤ ਇੱਜ਼ਤ ਕਰਦਾ ਸੀ ।ਖਰੀਆਂ- ਖਰੀਆਂ ਵੀ ਸੁਣਾ ਦਿੰਦਾ ਸੀ।ਕਦੇ ਕਦੇ ਸਵੇਰੇ 6-7 ਵਜੇ ਮੇਰੇ ਘਰੇ ਆ ਧਮਕਣਾ ਚੰਡੀਗੜ੍ਹ ਵਿਚ।ਆਉਣ ਸਾਰ ਕਹਿਣਾ ਦਾਰੂ ਦੀ ਬੋਤਲ ,ਕੱਢ ਤੇਰੇ ਕੋਲ ਤਾਂ ਮੁਫ਼ਤ ਦੀ ਬਥੇਰੀ ਹੁੰਦੀ ਹੈ।ਮੇਰੀ ਬੀਵੀ ਉਸ ਬਾਰੇ ਜਾਂਦੀ ਹੋਈ ਵੀ ਤਿਉੜੀਆਂ ਜਿਹੀਆਂ ਪਾ ਕੇ ਗਲਾਸ ਫੜਾ ਦਿੰਦੀ ਸੀ।ਮੈਂ ਗੁਰਮੇਲ ਨਾਲ ਪ੍ਰੈੱਸ ਇਨਫਰਮੇਸ਼ਨ ਬਿਉਰੋ ਚੰਡੀਗੜ੍ਹ ਵਿਚ ਕੰਮ ਵੀ ਕੀਤਾ।
 
ਫ਼ੱਕਰ,ਨਸ਼ਈ ਅਤੇ ਖ਼ਬਤੀ ਹੁੰਦਾ ਹੋਇਆ ਇੱਕਇੱਕ ਜੀਨੀਅਸ ਹਸਤੀ ਸੀ ਗੁਰਮੇਲ ਸਰਾ।
 
ਇੱਕ ਵਾਰੀ ਮੈਂ ਜੰਮੂ- ਕਸ਼ਮੀਰ ਬਾਰੇ ਅੰਗਰੇਜ਼ੀ ਦੀ ਇੱਕ ਕਿਤਾਬ ਨੂੰ ਪੰਜਾਬੀ ਵਿਚ ਅਨੁਵਾਦ ਕਰ ਰਿਹਾ ਸੀ।ਨੈਸ਼ਨਲ ਬੁੱਕ ਟਰੱਸਟ ਨੇ ਦਿੱਤੀ ਸੀ ਅਨੁਵਾਦ ਕਰਨ ਲਈ । ਮੈਂ ਹੱਥ ਨਾਲ ਹੌਲੀ ਹੌਲੀ ਲਿਖਦਾ ਸੀ। ਵਿਚੋਂ ਕੁਝ ਹਿੱਸੇ ਔਖੇ ਸੀ ਅਤੇ ਕਾਵਿਮਈ ਸਨ । ਮੈ ਗੁਰਮੇਲ ਨੂੰ ਕਿਹਾ ਮੱਦਦ ਕਰਨ ਲਈ। ਉਸਨੇ ਕਿਤਾਬ ਫੜੀ। ਚੰਡੀਗੜ੍ਹ ਦੇ ਸੈਕਟਰ 17 ਪੀ ਆਈ ਬੀ ਦੇ  ਦਫ਼ਤਰ  ਵਿਚੋਂ  ਟੈਲੀਪ੍ਰਿੰਟਰ ਵਾਲਾ ਇੱਕ ਰੋਲ ਟਾਈਪ ਮਸ਼ੀਨ ਤੇ ਚੜ੍ਹਾ ਲਿਆ ।ਫੱਟਾ ਫੈਟ 8-10 ਸਫ਼ੇ ਅਨੁਵਾਦ ਕਰ ਛੱਡੇ।ਕਮਾਲ ਦੀ ਰਫ਼ਤਾਰ ਸੀ ਉਸਦੀ ਟਾਈਪ ਕਰਨ ਦੀ ।ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਦੀ।ਇਹ ਗੱਲਾਂ1982 -83 ਦੀਆਂ ਨੇ।
ਇੱਕ ਹੋਰ ਦਿਲਚਸਪ ਯਾਦ ਸਰਾ ਦੀ ਸਾਡੇ ਚੰਡੀਗੜ੍ਹੀਆਂ ਕੋਲ ਹੈ। ਉਹ ਸੈਕਟਰ 44 ਵਿਚ ਹਾਊਸਿੰਗ ਬੋਰਡ ਦੇ ਮਕਾਨ ਵਿਚ ਰਹਿੰਦਾ ਸੀ।ਉਥੇ ਉਹਨੇ ਇੱਕ ਬੱਕਰੀ ਪਾਲ ਲਈ। ਸਾਰੇ ਆਂਢੀ- ਗੁਆਂਢੀਆਂ ਤੇ ਪੱਤਰਕਾਰ  ਹਲਕਿਆਂ ਦੀ ਚਰਚਾ ਦਾ ਵਿਸ਼ਾ ਰਹਿੰਦੀ ਸੀ ਇਹ ਬੱਕਰੀ।ਉਸ ਦੀ ਬੀਵੀ ,ਇੰਡੀਅਨ ਐਕਸਪ੍ਰੈਸ ਵਿੱਚ ਕੰਮ ਕਰਦੀ ਨਾਮਵਰ ਵਿਦੇਸ਼ੀ ਪੱਤਰਕਾਰ ਬੀਬੀ ਡੋਨਾ ਸੂਰੀ ਦੀ ਗੋਰੀ ਧੀ ਸੀ।ਬੜਾ ਅਜੀਬ ਤੇ ਦਿਲਚਸਪ  ਜਿਹਾ ਮੇਲ ਸੀ।ਇੱਕ ਪਾਸੇ ਟਿੱਬਿਆਂ ਦਾ ਜੰਮਪਲ,ਬਿਲਕੁਲ ਦੇਸੀ ਤੇ ਫੱਕਰ ਤੇ ਮੌਜ ਮਸਤੀ ਵਾਲ ਪੇਂਡੂ ਮੂੰਹ ਫੱਟ ਬੰਦਾ ਤੇ ਦੂਜੇ ਪਾਸੇ ਬਹੁਤ ਸੰਵੇਦਨਸ਼ੀਲ ਅਤੇ ਸੂਖਮ ਰਹਿਣੀ-ਸਹਿਣੀ ਵਾਲੇ ਸਹੁਰੇ।ਤੇ ਉਹ ਵੀ ਵਿਦੇਸ਼ੀ ਗੋਰਾ ਪਰਿਵਾਰ ।
 
ਦਾਰੂ ਪੀਣ ਦਾ ਉਹ ਬਹੁਤ ਸ਼ੌਕੀਨ ਸੀ।ਰੰਮ ਉਸਦੀ ਖ਼ਾਸ ਪਸੰਦ ਹੁੰਦੀ ਸੀ। ਇਕ ਵਾਰ ਸਾਨੂੰ ਬਾਜ਼ਾਰ ਵਿਚ ਘੁੰਮਦਿਆਂ ਨੂੰ 250 ਰੁਪੈ ਲੱਭ ਪਏ।ਉਸ ਨੇ ਆਪਣੇ ਕੋਲ ਨਹੀਂ ਰੱਖੇ।ਮੈਨੂੰ ਫੜਾ ਦਿੱਤੇ।ਕਿਹਾ ਆਪਾਂ ਨੂੰ ਤਾਂ ਬੱਸ ਇੱਕ ਬੋਤਲ ਓਲਡ ਮੌਂਕ ਦੀ ਲੈ ਦੇਣਾ।ਉਨ੍ਹਾ ਦਿਨਾਂ ਵਿਚ 250 ਰੁਪੈ, ਹੁਣ ਦੇ ਦਸ ਹਜ਼ਾਰ ਤੋਂ ਵੀ ਵੱਧ ਸਨ।ਥੋਡੀ ਇਹ ਗੱਲ ਬਿਲਕੁਲ ਠੀਕ ਹੈ ਕਿ ਉਸ ਨੂੰ ਨਵੇਂ -ਨਵੇਂ ਖ਼ਬਤ ਹੁੰਦੇ ਸਨ। ਜਦੋਂ ਚੰਡੀਗੜ੍ਹ  ਵਿਚ ਉਹ ਦੁਬਾਰਾ ਆਇਆ ਤਾਂ ਹੱਥ ਵਿਚ ਇਕ ਡੰਡਾ ਜਿਹਾ ਰੱਖਦਾ ਸੀ  ਜਿਸ ਦਾ ਉਪਰਲਾ ਸਿਰਾ ਬੰਦੇ ਦੀ ਖੋਪੜੀ ਵਰਗਾ ਸੀ। ਉਸਨੂੰ ਫੜਕੇ ਇਸ ਤਰ੍ਹਾਂ ਲਗਦਾ ਸੀ ਜਿਵੇਂ ਕੋਈ ਕਾਲੇ ਯਾਦੂ ਵਾਲਾ ਕਰਾਮਾਤੀ ਬਾਬਾ ਫਿਰ ਰਿਹਾ ਹੋਵੇ।ਉਸਦੇ ਅਜਿਹੇ ਬਹੁਤ ਕਿੱਸੇ ਨੇ। ਕਦੇ ਕਦੇ ਲੱਗਦਾ ਸੀ ਐਨਾ ਗੁਣੀ -ਗਿਆਨੀ ਬੰਦਾ ਨਸ਼ੇ -ਪੱਤੇ ਤੇ ਫੱਕਰਪੁਨੇ ਵਿੱਚ ਰੁਲ ਗਿਆ।ਪਰ ਨਾਲ ਇਹ ਵੀ ਖ਼ਿਆਲ ਆਉਂਦਾ ਕਿ ਓਸ ਨੇ ਜਿਦਗੀ ਦਾ ਹਰ ਪਲ ਆਪਣੇ ਹਿਸਾਬ ਨਾਲ, ਦੁਨੀਆਂ ਤੋਂ ਬੇਪਰਵਾਹ ਹੋ ਕੇ ਮਾਣਿਆ।ਇੱਕ ਗੱਲ ਹੋਰ। ਸਰਾ ਵਰਗੇ ਬੰਦੇ ਦੀ ਬੇਬਾਕੀ ਦੀ ਕਦਰ ਆਪਣੇ ਵਰਗੇ ਮਲਵਾਈ ਹੀ ਕਰ ਸਕਦੇ ਨੇ ਜਿਨ੍ਹਾਂ ਨੇ ਕੱਕੇ- ਰੇਤ ਦੇ ਟਿੱਬਿਆਂ ਤੇ ਆਪਣਾ ਬਾਲਪਣ ਬਿਤਾਇਐ।ਤੇ ਬਾਈ ਮਿੰਟੂ, ਆਖ਼ਰ ਵਿੱਚ ਤੇਰੀ ਲਿਖਣ ਸ਼ੈਲੀ ਨੂੰ ਵੀ ਸਲਾਮ।
 
ਬਲਜੀਤ ਬੱਲੀ

No comments:

Post a Comment